ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾ ਦੀਆਂ ਵਿਸ਼ੇਸ਼ਤਾਵਾਂ: ਇਕ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਵਿਚ ਭਾਸ਼ਾ, ਸੰਚਾਰ ਅਤੇ ਸੰਪਰਕ ਦਾ ਇਕ ਸਾਧਨ ਹੈ। ਸੰਚਾਰ ਅਤੇ ਸੰਪਰਕ ਦੇ ਭਾਵੇਂ ਹੋਰ ਕਈ ਗੈਰ-ਭਾਸ਼ਾਈ ਸਾਧਨ ਹਨ ਪਰ ਭਾਸ਼ਾ ਸਭ ਤੋਂ ਉਤਮ ਹੈ। ਗੈਰ-ਮਨੁੱਖੀ ਅਤੇ ਮਨੁੱਖੀ ਭਾਸ਼ਾ ਦੇ ਵਖਰੇਵੇਂ ਦਾ ਅਧਾਰ ਵੀ ਸਮਾਜ ਹੀ ਹੈ। ਗੈਰ-ਮਨੁੱਖੀ ਭਾਸ਼ਾ ਸੰਦਰਭ ਮੂਲਕ, ਸਮੇਂ, ਸਥਾਨ ਅਤੇ ਪ੍ਰਸਥਿਤੀਆਂ ਤੇ ਅਧਾਰਤ ਹੁੰਦੀ ਹੈ ਅਤੇ ਇਸ ਦਾ ਕਾਰਜ ਵੀ ਸੀਮਤ ਹੁੰਦਾ ਹੈ। ਮਨੁੱਖੀ ਭਾਸ਼ਾ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਪਸ਼ੂ ਭਾਸ਼ਾ ਨਾਲੋਂ ਅਤਿ ਦਰਜੇ ਤੱਕ ਵਿਕਸਤ ਹੁੰਦੀ ਹੈ ਕਿਉਂਕਿ ਇਸ ਦੀ ਵਰਤੋਂ ਦਾ ਘੇਰਾ ਕਿਤੇ ਵਡੇਰਾ ਹੈ। ਮਨੁੱਖੀ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ ਜਿਸ ਕਰਕੇ ਇਹ ਪਸ਼ੂ ਭਾਸ਼ਾਵਾਂ ਨਾਲੋਂ ਵੱਖਰੀ ਹੁੰਦੀ ਹੈ। C. F. Hockett ਨੇ ਭਾਸ਼ਾ ਦੀਆਂ ਸੱਤ ਮੂਲ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ ਹੈ ਜਿਸ ਕਰਕੇ ਮਨੁੱਖੀ ਭਾਸ਼ਾ ਅਤੇ ਪਸ਼ੂ ਭਾਸ਼ਾ ਵਿਚ ਬੁਨਿਆਦੀ ਨਿਖੇੜਾ ਹੈ। ਇਹ ਸੱਤ ਵਿਸ਼ੇਸ਼ਤਾਵਾਂ ਇਸ ਪਰਕਾਰ ਹਨ : (i) ਭਾਸ਼ਾਈ ਦੋ-ਪੱਖਤਾ, (ii) ਉਤਪਾਦਨਤਾ, (iii) ਆਪਹੁਦਰਾਪਣ, (iv) ਅੰਤਰ-ਵਟਾਂਦਰਾ, (v) ਵਿਸ਼ੇਸ਼ੀਕਰਨ, (vi) ਵਿਸਥਾਪਨ ਅਤੇ (vii) ਸਭਿਆਚਾਰਕ ਰੂਪਾਂਤਰਨ। ਇਹ ਵਿਸ਼ੇਸ਼ਤਾਵਾਂ ਅੰਤਰ-ਸਬੰਧਤ ਹਨ। ਮਨੁੱਖ-ਭਾਸ਼ਾ ਦੀ ਸੰਰਚਨਾ ਦੋਹਰੀ ਹੁੰਦੀ ਹੈ। ਇਸ ਦਾ ਇਕ ਪੱਖ ਧੁਨੀਆਂ ਦੇ ਉਚਾਰਨ ਨਾਲ ਸਬੰਧਤ ਹੈ ਜਦੋਂ ਕਿ ਦੂਜਾ ਪੱਖ ਰੂਪਾਤਮਕ ਜਾਂ ਵਾਕਾਤਮਕ ਹੈ। ਪਸ਼ੂ ਭਾਸ਼ਾ ਇਸ ਪੱਖ ਤੋਂ ਇਕਹਿਰੀ ਹੁੰਦੀ ਹੈ। ਪਸ਼ੂ ਧੁਨੀਆਂ ਤਾਂ ਉਚਾਰ ਸਕਦੇ ਹਨ ਜਿਨ੍ਹਾਂ ਦੀ ਮਾਤਰਾ ਭਾਵੇਂ ਸੀਮਤ ਹੈ ਪਰ ਧੁਨੀਆਂ ਨੂੰ ਕਿਸੇ ਇਕਾਈ ਵਿਚ ਬੰਨ੍ਹ ਸਕਣ ਦੀ ਸਮਰੱਥਾ ਨਹੀਂ ਰੱਖਦੇ। ਮਨੁੱਖੀ ਭਾਸ਼ਾ ਵਿਚ ਲਗਾਤਾਰ ਨਵੀਂ ਸਥਿਤੀਆਂ ਨੂੰ ਨਜਿਠਣ ਲਈ ਉਤਪਾਦਨਤਾ ਹੁੰਦੀ ਹੈ। ਕਈ ਵਾਰ ਇਸ ਪਰਕਾਰ ਦੇ ਸ਼ਬਦ ਜਾਂ ਵਾਕਾਤਮਕ ਜੁਗਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਕਦੀ ਬੋਲਿਆ ਜਾਂ ਸੁਣਿਆ ਵੀ ਨਹੀਂ ਹੁੰਦਾ ਤੇ ਇਹ ਵਰਤਾਰਾ ਲਗਾਤਾਰ ਚਲਦਾ ਰਹਿੰਦਾ ਹੈ। ਸੋਸਿਊਰ ਨੇ ਭਾਸ਼ਾ ਨੂੰ ਚਿੰਨ੍ਹਾਂ ਦਾ ਸਮੂਹ ਕਿਹਾ ਹੈ। ਭਾਸ਼ਾ ਦਾ ਸੰਚਾਰ ਚਿੰਨ੍ਹਾਂ ਰਾਹੀਂ ਹੁੰਦਾ ਹੈ ਅਤੇ ਚਿੰਨ੍ਹ ਦੇ ਦੋ ਪੱਖ ਭਾਵ ਰੂਪ ਅਤੇ ਅਰਥ ’ਤੇ ਅਧਾਰਤ ਹੁੰਦੇ ਹਨ। ਚਿੰਨ੍ਹ ਦਾ ਹਮੇਸ਼ਾਂ ਇਕੋ ਅਰਥ ਨਹੀਂ ਹੁੰਦਾ ਸਗੋਂ ਵਰਤੋਂ ਦੇ ਅਧਾਰ ਤੇ ਉਸ ਦੇ ਅਰਥਾਂ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ, ਜਿਵੇਂ : ਜਲ, ਪਾਣੀ, ਨੀਰ, ਅੰਮ੍ਰਿਤ ਸਮਾਨਾਰਥਕ ਸ਼ਬਦ ਹਨ ਪਰ ਇਨ੍ਹਾਂ ਨੂੰ ਹਰ ਭਾਸ਼ਾਈ ਪ੍ਰਸਥਿਤੀ ਵਿਚ ਵਿਕਲਪ ਦੇ ਤੌਰ ’ਤੇ ਨਹੀਂ ਵਰਤਿਆ ਜਾ ਸਕਦਾ ਸਗੋਂ ਇਨ੍ਹਾਂ ਦੀ ਵਰਤੋਂ ਦੇ ਭਾਸ਼ਾਈ ਅਤੇ ਸਮਾਜਕ ਸੰਦਰਭ ਹਨ। ਮਨੁੱਖੀ ਭਾਸ਼ਾ ਅੰਤਰ-ਵਟਾਂਦਰੇ ’ਤੇ ਅਧਾਰਤ ਹੁੰਦੀ ਹੈ। ਮਨੁੱਖ ਵਿਚ ਭਾਸ਼ਾ ਨੂੰ ਗ੍ਰਹਿਣ ਕਰਨ ਅਤੇ ਸਿੱਖਣ ਦੀ ਸਮਰੱਥਾ ਜਨਮ ਤੋਂ ਹੀ ਹੁੰਦੀ ਹੈ ਪਰ ਉਸ ਦਾ ਅੰਤਰ-ਵਟਾਂਦਰਾ ਸਮਾਜੀ ਹੁੰਦਾ ਹੈ। ਜਿਸ ਸਮਾਜ ਵਿਚ ਮਨੁੱਖ ਪਲਦਾ ਹੈ ਉਸੇ ਸਮਾਜ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਮਨੁੱਖੀ ਭਾਸ਼ਾ ਵਿਚ ਵਿਸ਼ੇਸ਼ੀਕਰਨ ਦੀ ਸਮਰੱਥਾ ਹੁੰਦੀ ਹੈ ਭਾਵ ਕਿਸ ਸਥਿਤੀ ਵਿਚ ਕੀ ਕਿਹਾ ਜਾਣਾ ਹੈ ਜਾਂ ਕੀ ਕੀਤਾ ਜਾਣਾ ਹੈ ਇਸ ਦੀ ਚੋਣ ਭਾਸ਼ਾਈ ਬੁਲਾਰਾ ਕਰਦਾ ਹੈ ਪਰੰਤੂ ਪਸ਼ੂ ਭਾਸ਼ਾ ਵਿਚ ਇਹ ਸਮਰੱਥਾ ਨਹੀਂ ਹੁੰਦੀ। ਪਸ਼ੂ ਭਾਸ਼ਾ ਦਾ ਕਾਰਜ ਲੋੜ ’ਤੇ ਅਧਾਰਤ ਹੈ ਜਦੋਂ ਕਿ ਮਨੁੱਖ ਦੀ ਭਾਸ਼ਾ ਚੋਣ ’ਤੇ ਅਧਾਰਤ ਹੈ। ਪਸ਼ੂ ਦੀ ਭਾਸ਼ਾ ਇਕ ਸਥਿਤੀ ਤੱਕ ਸੀਮਤ ਹੈ ਜੋ ਸਥਿਤੀ ਖਤਮ ਹੋ ਜਾਣ ਨਾਲ ਖਤਮ ਹੋ ਜਾਂਦੀ ਹੈ। ਮਨੁੱਖ ਦੀ ਇਹ ਸਮਰੱਥਾ ਹੈ ਕਿ ਉਹ ਬੋਲ ਕੇ, ਲਿਖ ਕੇ, ਸੰਕੇਤਾਂ ਦੁਆਰਾ, ਟੈਲੀਫੋਨ ਰਾਹੀਂ ਕਿਸੇ ਵੀ ਸਮੇਂ ਕਿਸੇ ਵੀ ਸਥਿਤੀ ਨੂੰ ਪਰਗਟਾ ਸਕਦਾ ਹੈ। ਇਹ ਵਿਸ਼ੇਸ਼ਤਾਵਾਂ ਭਾਸ਼ਾ ਨੂੰ ਪਸ਼ੂ ਭਾਸ਼ਾ ਨਾਲੋਂ ਨਿਖੇੜਨ ਦਾ ਅਧਾਰ ਬਣਦੀਆਂ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.